जून 2026

भाषान्तरआईना/ਸ਼ੀਸ਼ਾ     Posted: November 1, 2025

सत्यनारायण- ਸਤਿਅ ਨਾਰਾਇਣ

ਅਨੁਵਾਦ :  ਸ਼ਿਆਮ ਸੁੰਦਰ ਅਗਰਵਾਲ / पंजाबी- अनुवाद: श्याम सुन्दर अग्रवाल

ਆਲੇ ਵਿੱਚ ਸ਼ੀਸ਼ਾ ਰੱਖਿਆ ਰਹਿੰਦਾ। ਧੁੰਦਲਾ ਪਰ ਹੱਥ ਫੇਰਦੇ ਹੀ ਇਕਦਮ ਸਾਫ਼। ਪਿਤਾ ਰੋਜ਼ ਸਵੇਰੇ ਉਸਦੇ ਸਾਹਮਣੇ ਖੜ੍ਹੇ ਹੋ ਜਾਂਦੇ ਤੇ ਹੌਲੇ ਹੌਲੇ ਸ਼ੇਵ ਕਰਦੇ। ਹਰ ਸਵੇਰ ਸਭ ਕੁਝ ਤਰਤੀਬਵਾਰ। ਉਹ ਸ਼ੀਸ਼ਾ ਪਿਤਾ ਦਾ ਸ਼ੀਸ਼ਾ ਸੀ। ਸਭ ਉਸਨੂੰ ਪਿਤਾ ਦਾ ਸ਼ੀਸ਼ਾ ਕਹਿੰਦੇ ਸਨ ਕਿਉਂਕਿ ਉਹ ਕਿਸੇ ਨੂੰ ਵੀ ਉਸਨੂੰ ਹੱਥ ਨਹੀਂ ਲਾਉਣ ਦਿੰਦੇ ਸਨ। ਕਈ ਵਾਰ ਉਹਨਾਂ ਦੀ ਗੈਰਹਾਜ਼ਰੀ ਵਿੱਚ ਉਹ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਖੁਦ ਨੂੰ ਨਿਹਾਰਦਾ ਤਾਂ ਉਸ ਵਿੱਚ ਪਿਤਾ ਦਾ ਅਕਸ ਤੈਰਨ ਲੱਗਦਾ। ਉਹ ਘਬਰਾ ਕੇ ਪਿੱਛੇ ਹਟ ਜਾਂਦਾ। ‘ਇਸ ਸ਼ੀਸ਼ੇ ਵਿੱਚ ਜ਼ਰੂਰ ਕੋਈ ਖਾਸ ਗੱਲ ਹੈ।’ ਉਹ ਮਨ ਵਿੱਚ ਗੁਣਗੁਣਾਉਂਦਾ। 

‘ਵੱਡਾ ਹੋ ਜਾ, ਫਿਰ ਤੂੰ ਵੀ ਇਸ ਅੱਗੇ ਖੜ੍ਹ ਕੇ ਸ਼ੇਵ ਬਣਾਵੀਂ। ਇਹ ਤੇਰੇ ਦਾਦਾ ਜੀ ਦਾ ਹੈ।’ ਇਕ ਦਿਨ ਪਿਤਾ ਨੇ ਉਸਨੂੰ ਕਿਹਾ। 

‘ਪਿਤਾ ਦਾ ਸ਼ੀਸ਼ਾ।’ ਉਹ ਹੈਰਾਨ ਹੁੰਦਿਆਂ ਉਸਨੂੰ ਵਾਰ ਵਾਰ ਛੂਹ ਕੇ ਵੇਖਦਾ। 

ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਪਿਤਾ ਨੂੰ ਘੱਟ ਦਿਖਣ ਲੱਗਾ ਸੀ। ਸਭ ਕੁਝ ਧੁੰਦਲਾ ਧੁੰਦਲਾ। ਪਰ ਸਵੇਰ ਦਾ ਸਿਲਸਿਲਾ ਕਦੇ ਭੰਗ ਨਹੀਂ ਹੋਇਆ। ਉਹ ਤੈਅ ਸਮੇਂ ਤੇ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਜਾਂਦੇ। ਆਪਣੀ ਬੰਡੀ ਨਾਲ ਰਗੜਕੇ ਉਸਨੂੰ ਸਾਫ਼ ਕਰਦੇ। ਫਿਰ ਸੇਵਿੰਗ ਬਰੁਸ਼ ਨਾਲ ਝੱਗ ਬਣਾਉਂਦੇ ਤੇ ਹੌਲੀ ਹੌਲੀ ਸ਼ੇਵ ਬਣਾਉਂਦੇ। 

ਇਕ ਦਿਨ ਪਿਤਾ ਚੱਲ ਵੱਸੇ। ਉਹਦੇ ਨਾ ਹੰਝੂ ਆਏ, ਨਾ ਉਹ ਦਹਾੜ ਮਾਰ ਕੇ ਰੋਇਆ। ਉਹ ਸੁੰਨ ਹੋਇਆ ਸਭ ਵੇਖਦਾ ਰਿਹਾ ਤੇ ਖਾਮੋਸ਼ ਰਿਹਾ। ਬਹੁਤ ਕੋਸ਼ਿਸ਼ ਕਰਨ ਤੇ ਵੀ ਇਕ ਹੰਝੂ ਤਕ ਨਹੀਂ ਨਿਕਲਿਆ। ਪਰਿਵਾਰ ਦੇ ਲੋਕ ਉਸਨੂੰ ਹੈਰਾਨੀ ਨਾਲ ਵੇਖ ਰਹੇ ਸਨ। 

ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਵੱਡਾ ਹੋ ਗਿਆ ਤੇ ਉਸਨੇ ਹੌਲੇ ਹੌਲੇ ਪਿਤਾ ਦਾ ਸਥਾਨ ਲੈ ਲਿਆ। ਉਹ ਰੋਜ਼ ਸਵੇਰੇ ਪਿਤਾ ਵਾਂਗ ਹੀ ਉਸ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਸ਼ੇਵ ਬਣਾਉਂਦਾ। ਸ਼ੁਰੂ ਸ਼ੁਰੂ ਵਿੱਚ ਸ਼ੀਸ਼ੇ ਵਿੱਚੋਂ ਪਿਤਾ ਦਾ ਚਿਹਰਾ ਝਾਕਦਾ ਵਿਖਾਈ ਦਿੰਦਾ। ਉਹ ਡਰ ਜਾਂਦਾ। ਹੌਲੀ ਹੌਲੀ ਉਸਦਾ ਤੇ ਪਿਤਾ ਦਾ ਚਿਹਰਾ ਰਲਗੱਡ ਹੋ ਗਏ। ਕਈ ਵਾਰ ਉਹ ਤੈਅ ਨਹੀਂ ਕਰ ਪਾਉਂਦਾ ਕਿ ਉਹ ਪਿਤਾ ਦੀ ਸ਼ੇਵ ਕਰ ਰਿਹਾ ਹੈ ਕਿ ਆਪਣੀ। 

ਕਦੇ ਬਲੇਡ ਨਾਲ ਕੱਟ ਲੱਗ ਜਾਂਦਾ ਤਾਂ ਪਿਤਾ ਸ਼ੀਸ਼ੇ ਵਿੱਚੋਂ ਬਾਹਰ ਨਿਕਲ ਕੇ ਕਹਿੰਦੇ, ‘ਤੂੰ ਅਜੇ ਬੱਚਾ ਹੈਂ।’ 

‘ਤੁਸੀਂ ਠੀਕ ਆਪਣੇ ਪਿਤਾ ਤੇ ਗਏ ਹੋ। ਤੁਹਾਡਾ ਚਿਹਰਾ, ਹਾਵ-ਭਾਵ, ਆਦਤਾਂ ਸਭ ਕੁਝ ਉਹਨਾਂ ਜਿਹਾ ਹੀ ਹੈ। ਯਕੀਨ ਨਹੀਂ ਤਾਂ ਉਹਨਾਂ ਦੀ ਫੋਟੋ ਨਾਲ ਮਿਲਾ ਕੇ ਵੇਖ ਲਵੋ।’ ਪਤਨੀ ਅਕਸਰ ਮਜ਼ਾਕ ਕਰਦੀ। 

ਪਿਛਲੇ ਕੁਝ ਦਿਨਾਂ ਤੋਂ ਉਸਨੂੰ ਧੁੰਦਲਾ ਦਿਖਾਈ ਦੇਣ ਲੱਗਾ ਸੀ। ਪਰ ਹੱਥ ਏਨੇ ਆਦੀ ਹੋ ਗਏ ਸਨ ਕਿ ਬਿਨਾਂ ਸ਼ੀਸ਼ਾ ਵੇਖੇ ਹੀ ਸ਼ੇਵ ਕਰ ਲੈਂਦਾ ਸੀ। 

ਰਾਤ ਉਸਨੂੰ ਦੇਰ ਤੱਕ ਨੀਂਦ ਨਹੀਂ ਆਈ ਸੀ। ਸਵੇਰੇ ਸਵੇਰੇ ਉਹ ਉਨੀਂਦੀ ਅਵਸਥਾ ਵਿੱਚ ਹੀ ਸ਼ੀਸ਼ੇ ਤੱਕ ਗਿਆ। ਸ਼ੀਸ਼ਾ ਉੱਥੇ ਹੀ ਪਿਆ ਸੀ, ਜਿੱਥੇ ਰੋਜ਼ ਹੁੰਦਾ ਸੀ। ਪਤਾ ਨਹੀਂ ਅੱਜ ਉਸਦੇ ਹੱਥ ਕਿਉਂ ਕੰਬ ਰਹੇ ਸਨ। 

ਚਿਹਰੇ ਤੇ ਸਾਬਨ ਦਾ ਝੱਗ ਬਣਾ ਕੇ ਉਸਨੇ ਸ਼ੀਸ਼ਾ ਚੁੱਕਿਆ ਤੇ ਬਨੈਣ ਨਾਲ ਪੂੰਝਣ ਲੱਗਾ। ਤਦੇ ਸ਼ੀਸ਼ਾ ਹੱਥੋਂ ਤਿਲਕ ਕੇ ਫਰਸ਼ ਤੇ ਡਿੱਗਿਆ ਤੇ ਟੁਕੜੇ ਟੁਕੜੇ ਹੋ ਗਿਆ। 

ਉਹ ਥਰਥਰ ਕੰਬਣ ਲੱਗਾ ਤੇ ਉੱਥੇ ਹੀ ਬੈਠ ਕੇ ਜ਼ੋਰ ਜ਼ੋਰ ਨਾਲ ਰੋਣ ਲੱਗਾ ਜਿਵੇਂ ਉਸਦੇ ਪਿਤਾ ਦਾ ਅੱਜ ਦਿਹਾਂਤ ਹੋਇਆ ਹੋਵੇ। 

                 -0-

गतिविधियाँ

  • सम्पर्क:-

    सुकेश साहनी

    185,उत्सव,महानगर पार्ट–2
    बरेली–243122 (उ.प्र.)


    sahnisukesh@gmail.com

    रामेश्वर काम्बोज ´हिमांशु´

    रचनाएँ भेजने के लिए ई-मेल-:-

    laghukatha89@gmail.com

    विशेष सूचना-:-

    पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

    केवल स्वीकृत रचनाओं की ही सूचना दी जाती है।

    -सम्पादक द्वय

Design by TemplateWorld and brought to you by SmashingMagazine