ਅਨੁਵਾਦ: ਸੁਰਜੀਤ ਕੌਰ (ਟੋਰਨਟੋ)/ पंजाबी अनुवादःसुरजीत कौर (ਟੋਰਨਟੋ)
ਚਾਹ ਦੀ ਚੁਸਕੀਆਂ ਲੈਂਦੇ ਹੋਏ ਪਾਪਾ ਨੇ ਪੁੱਛਿਆ, “ਨੇਹਾ, ਤੂੰ ਨੌਵੀਂ ਜਮਾਤ ਲਈ ਕਿਹੜੇ ਵਿਸ਼ੇ ਬਾਰੇ ਸੋਚਿਆ ਹੈ, ਸਾਇੰਸ ਜਾਂ ਕਾਮਰਸ?”
ਨੇਹਾ ਨੇ ਕੁਝ ਸੋਚਦਿਆਂ ਕਿਹਾ, “ਪਾਪਾ, ਸਾਇੰਸ ਤਾਂ ਬਿਲਕੁਲ ਵੀ ਨਹੀਂ । ਇਹ ਕੱਟਣਾ-ਵੱਢਣਾ ਅਤੇ ਖੂਨ ਦੇਖਣਾ ਮੇਰੇ ਵੱਸ ਦੀ ਗੱਲ ਨਹੀਂ। ਮੈਂ ਤਾਂ ਕਾਮਰਸ ਹੀ ਲਵਾਂਗੀ। ਕੱਲ੍ਹ ਨੂੰ ਮੈਂ ਠਾਠ ਨਾਲ ਬੈਂਕ -ਅਫਸਰ ਤਾਂ ਬਣ ਸਕਾਂਗੀ।”
ਕੋਲ ਬੈਠੀਆਂ ਮਾਂ ਅਤੇ ਦਾਦੀ ਉਸ ਦੀ ਗੱਲ ਸੁਣ ਕੇ ਹੱਸਣ ਲੱਗ ਪਈਆਂ। ਪਾਪਾ ਨੇ ਪਿਆਰ ਨਾਲ ਮੁਸਕਰਾਉਂਦਿਆਂ ਅਤੇ ਨੇਹਾ ਦਾ ਮੋਢਾ ਨੂੰ ਥਪਥਪਾਉਂਦਿਆਂ ਕਿਹਾ, “ਠੀਕ ਹੈ ਬੇਟਾ, ਤੂੰ ਉਹੀ ਵਿਸ਼ਾ ਲੈ ਜਿਸ ਵਿੱਚ ਤੈਨੂੰ ਦਿਲਚਸਪੀ ਹੈ। ਨੌਵੀਂ ਜਮਾਤ ਵਿਚ ਹੋਰ ਕੀ ਕੀ ਨਵਾਂ ਹੋਵੇਗਾ?”
ਅੱਖਾਂ ਉੱਪਰ ਵੱਲ ਚੁੱਕੀ ਉਹ ਝੱਟ ਬੋਲੀ, “ਪਾਪਾ, ਨੌਵੀਂ ਜਮਾਤ ਵਿੱਚ ਸੰਗੀਤ ਅਤੇ ਐਨ.ਸੀ.ਸੀ. ਵੀ ਹਨ। ਤੁਸੀਂ ਇਹਨਾਂ ਵਿੱਚੋਂ ਕੋਈ ਵੀ ਚੁਣ ਸਕਦੇ ਹੋ। ਮੇਰੇ ਬਹੁਤ ਸਾਰੀਆਂ ਸਹੇਲੀਆਂ ਐਨ.ਸੀ.ਸੀ. ਲੈ ਰਹੀਆਂ ਹਨ, ਮੈਂ ਵੀ ਲੈਣਾ ਚਾਹੁੰਦੀ ਹਾਂ। ਕੀ ਮੈਂ ਲੈ ਸਕਦੀ ਹਾਂ?”
ਇਸ ਤੋਂ ਪਹਿਲਾਂ ਕਿ ਪਿਤਾ ਜੀ ਕੁਝ ਬੋਲਦੇ, ਦਾਦੀ ਬੋਲ ਪਈ, “ਐਨ.ਸੀ.ਸੀ. ਲੈ ਕੇ ਕੀ ਸਿੱਖੇਂਗੀ? ਆਕੜ ਕੇ ਤੁਰਨਾ ਤੇ ਬੰਦੂਕ ਚਲਾਉਣਾ, ਬੱਸ। ਭਲਾ ਕੁੜੀਆਂ ਨੂੰ ਕਦੋਂ ਇਹ ਸੋਭਾ ਦਿੰਦਾ ਹੈ? ਸੰਗੀਤ ਸਿੱਖ, ਜ਼ਿੰਦਗੀ ਵਿਚ ਕੰਮ ਆਵੇਗਾ।”
ਔਰਤ ਜਾਤ ਤਾਂ ਦੱਬੀ-ਢਕੀ ਹੀ ਚੰਗੀ ਹੈ। ਜੇ ਉਹ ਆਪਣੀਆਂ ਪਲਕਾਂ ਅਤੇ ਮੋਢਿਆਂ ਨੂੰ ਥੋੜ੍ਹਾ ਜਿਹਾ ਝੁਕਾ ਕੇ ਰਹੇ ਤਾਂ ਜੀਵਨ ਭਰ ਰਿਸ਼ਤੇ-ਨਾਤੇ ਅਤੇ ਘਰ ਗ੍ਰਹਿਸਥੀ ਸੁਰ ਵਿਚ ਰਹਿੰਦੇ ਹਨ।
ਪਾਪਾ ਮਾਂ ਦੀ ਗੱਲ ਨਹੀਂ ਮੰਨਣਾ ਚਾਹੁੰਦੇ ਸਨ, ਇਸ ਲਈ ਬਿਨਾਂ ਕੁਝ ਕਹੇ ਉੱਠ ਕੇ ਚਲੇ ਗਏ। ਨੇਹਾ ਨੇ ਤਰਲੇ ਭਰੀਆਂ ਨਜ਼ਰਾਂ ਨਾਲ ਆਪਣੀ ਮਾਂ ਵੱਲ ਦੇਖਿਆ ਤਾਂ ਉਸ ਦੀ ਬੇਵੱਸ ਮਾਂ ਨੇ ਵੀ ਆਪਣੀਆਂ ਅੱਖਾਂ ਨਾਲ ਸਮਝਾਇਆ ਕਿ ਇਹ ਸੰਭਵ ਨਹੀਂ ਹੈ।
ਉਦਾਸ ਨੇਹਾ ਆਪਣੇ ਕਮਰੇ ਵਿਚ ਚਲੀ ਗਈ।
ਪੜ੍ਹਾਈ ਕਰਨ ਤੋਂ ਬਾਅਦ ਨੇਹਾ ਨੇ ਬੈਂਕ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੇ ਸਮੇਂ ਵਿਚ ਹੀ ਉਹ ਘਰ-ਗ੍ਰਹਿਸਥੀ ਵਾਲੀ ਵੀ ਬਣ ਗਈ। ਚਾਲੀ ਸਾਲ ਦੀ ਉਮਰ ਤੱਕ ਉਸ ਉੱਤੇ ਕੰਮ ਦਾ ਇੰਨਾ ਬੋਝ ਪਿਆ ਕਿ ਉਸ ਦੀ ਕਮਰ ਜਵਾਬ ਦੇਣ ਲੱਗੀ।
ਅਸਹਿ ਦਰਦ ਕਾਰਣ ਜਦੋਂ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਨੇ ਕਿਹਾ, “ਤੁਹਾਡੀ ਰੀੜ੍ਹ ਦੀ ਹੱਡੀ ਵਿੱਚ ਗੈਪ ਆ ਗਿਆ ਹੈ। ਅਤੇ ਇੱਕ-ਦੋ ਹੱਡੀਆਂ ਵੀ ਆਪਣੀ ਥਾਂ ਤੋਂ ਥੋੜ੍ਹੀਆਂ ਜਿਹੀਆਂ ਹਿੱਲ ਗਈਆਂ ਹਨ।”
ਦਰਦ ਤੋਂ ਜਲਦੀ ਰਾਹਤ ਪਾਉਣ ਲਈ ਸਵੇਰੇ-ਸ਼ਾਮ ਕਸਰਤ ਕਰੋ ਅਤੇ ਥੋੜ੍ਹਾ ਤਣ ਕੇ ਚੱਲਿਆ ਕਰੋ। ਝੁਕ ਕੇ ਤੁਰਨਾ ਰੀੜ੍ਹ ਦੀ ਹੱਡੀ ਲਈ ਖ਼ਤਰਨਾਕ ਹੁੰਦਾ ਹੈ।
-0-