ਅਨੁਵਾਦ : ਸ਼ਿਆਮ ਸੁੰਦਰ ਅਗਰਵਾਲ
ਕਈ ਵਰ੍ਹੇ ਬਾਅਦ ਭਰਾ ਘਰ ਆਇਆ ਦੂਰ ਦੇ ਰਿਸ਼ਤੇ ਦਾ ਚਾਚਾ ਵੱਡੀ ਹੋ ਰਹੀ ਭਤੀਜੀ ਨੂੰ ਵੇਖ ਕੇ ਬਹੁਤ ਨੇੜਿਓਂ ਦੁਲਾਰਨ ਲੱਗਾ। ਸ਼ਾਮੀਂ ਹੀ ਉਸਨੇ ਰੁਣਝੁਣ ਕਰਦੀਆਂ ਝਾਂਜਰਾਂ ਵੀ ਲਿਆ ਦਿੱਤੀਆਂ, ਜਿਸਦੀ ਮੰਗ ਉਹ ਹਰ ਸਮਾਨ ਵਾਲੀ ਰੇੜ੍ਹੀ ਦੇ ਦੁਆਲੇ ਘੁੰਮਦੀ ਕਰ ਰਹੀ ਸੀ। ਝਾਂਜਰ ਦਿੰਦੇ ਹੋਏ ਚਾਚੇ ਨੇ ਕਿਹਾ, “ਸਾਹਮਣੇ ਬਣ ਰਹੇ ਮਕਾਨ ’ਚ ਚੱਲ। ਝਾਂਜਰਾਂ ਪਾ ਕੇ ਪੌੜੀਆਂ ਚੜ੍ਹੇਂਗੀ ਤਾਂ ਛਮਛਮ ਦੀ ਬੜੀ ਪਿਆਰੀ ਤੇ ਮਿੱਠੀ ਆਵਾਜ਼ ਆਊਗੀ।”
ਭਤੀਜੀ ਝਾਂਜਰਾਂ ਦੇ ਉਤਸ਼ਾਹ ਵਿਚ ਚਲੀ ਤਾਂ ਗਈ, ਪਰ ਝਾਂਜਰ ਪਾਉਂਦੇ ਚਾਚੇ ਦੇ ਹੱਥਾਂ ਦੀ ਛੋਹ ਉਹਨੂੰ ਚੰਗੀ ਨਹੀਂ ਲੱਗੀ ਅਤੇ ਚਾਚੇ ਦੀ ਨਿਗ੍ਹਾ ਤਾਂ ਬਿਲਕੁਲ ਵੀ ਨਹੀਂ।
ਝਾਂਜਰਾਂ ਪਾਉਂਦੇ ਹੀ ਬੋਲੀ, “ਚਾਚਾ ਜੀ, ਇਕ ਵਾਰ ਪੌੜੀਆਂ ਚੜ੍ਹ ਕੇ ਵੇਖਾਂ, ਕਿਹੋ ਜਿਹੀਆਂ ਵੱਜਦੀਆਂ ਨੇ?” ਤੇ ਚਾਚੇ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਉਹਨੇ ਪੌੜੀਆਂ ਰਾਹੀਂ ਛੱਤ ਵੱਲ ਦੌੜ ਲਾ ਦਿੱਤੀ। ਛੱਤ ਉੱਤੋਂ ਹੇਠਾਂ ਵੇਖਦੇ ਹੋਏ ਉਹ ਉੱਚੀ ਆਵਾਜ਼ ਵਿਚ ਬੋਲੀ, “ਨੀ ਸਰਿਤਾ, ਦੇਖ, ਮੇਰੇ ਚਾਚਾ ਜੀ ਨੇ ਛਮਛਮ ਕਰਨ ਵਾਲੀਆਂ ਝਾਂਜਰਾਂ ਲੈ ਕੇ ਦਿੱਤੀਆਂ ਹਨ। ਮੀਨਾ, ਸੋਨੂੰ ਸਾਰੇ ਆਓ ਤੇ ਦੇਖੋ ਕਿੰਨੀਆਂ ਸੋਹਣੀਆਂ ਝਾਂਜਰਾਂ ਹਨ। ਛੇਤੀ ਉੱਪਰ ਆਓ, ਮੈਂ ਤੁਹਾਨੂੰ ਵਜਾ ਕੇ ਦਿਖਾਉਂਦੀ ਹਾਂ। ਰੇਖਾ, ਤੂੰ ਸਰਿਤਾ ਨੂੰ ਲੈ ਕੇ ਆ ਤਾਂ ਸਹੀ…”
ਭਤੀਜੀ ਨੇ ਚਾਚੇ ਦੇ ਇਰਾਦੇ ਨੂੰ ਪਲ ਭਰ ਵਿਚ ਹੀ ਚਕਮਾ ਦੇ ਦਿੱਤਾ।
-0-