दिसम्बर -2018

भाषान्तरपंजाबी लघुकथाएँ-विक्रम सोनी -पृथ्वीराज अरोड़ा     Posted: February 1, 2016

अन्तहीन सिलसिला-विक्रम सोनी
ਅੰਤਹੀਨ ਸਿਲਸਿਲਾ-ਵਿਕਰਮ ਸੋਨੀ
अनुवाद-ਸ਼ਿਆਮ ਸੁੰਦਰ ਅਗਰਵਾਲ

ਦਸਾਂ ਵਰ੍ਹਿਆਂ ਦੇ ਨੇਤਰਾਮ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ, ਤਦੇ ਉਹ ਭੁੱਬਾਂ ਮਾਰ-ਮਾਰ ਰੋ ਪਿਆ। ਜਿਹੜੇ ਲੋਕ ਅਜੇ ਤਕ ਉਸਨੂੰ ਪੱਥਰ ਦੇ ਕਾਲਜੇ ਵਾਲਾ ਪੁੱਤਰ ਕਹਿ ਰਹੇ ਸਨ, ਉਹ ਸਾਰੇ ਖੁਸ਼ ਹੋ ਗਏ।
ਚਿਤਾ ਨੂੰ ਅਗਨੀ ਦੇਣ ਤੋਂ ਪਹਿਲਾਂ ਨੇਤਰਾਮ ਨੂੰ ਭੀੜ ਦੇ ਸਾਹਮਣੇ ਖੜਾ ਕੀਤਾ ਗਿਆ। ਤਦ ਪਿੰਡ ਦੇ ਬੈਗੇ ਪੁਜਾਰੀ ਨੇ ਉਸ ਨੂੰ ਬੁਲਾਇਆ, “ਨੇਤਰਾਮ…”
ਤੇ ਨਾਲ ਹੀ ਉਹਦੇ ਸਾਹਮਣੇ ਉਸਦੇ ਪਿਉ ਦੀਆਂ ਪੁਰਾਣੀਆਂ ਜੁੱਤੀਆਂ ਰੱਖ ਦਿੱਤੀਆਂ ਗਈਆਂ।
“ਨੇਤਰਾਮ, ਆਪਣੇ ਪਿਓ ਦੀਆਂ ਜੁੱਤੀਆਂ ਪਾ ਲੈ, ਪੁੱਤਰ।”
“ਪਰ ਇਹ ਤਾਂ ਮੇਰੇ ਪੈਰਾਂ ਨਾਲੋਂ ਵੱਡੀਆਂ ਨੇ।”
“ਤਾਂ ਕੀ ਹੋਇਆ, ਪਾ ਲੈ।” ਭੀੜ ਵਿੱਚੋਂ ਤਿੰਨ-ਚਾਰ ਆਦਮੀਆਂ ਨੇ ਕਿਹਾ।
ਨੇਤਰਾਮ ਨੇ ਜੁੱਤੀਆਂ ਪਾ ਲਈਆਂ ਤਾਂ ਬੈਗੇ ਪੁਜਾਰੀ ਨੇ ਕਿਹਾ, “ਹੁਣ ਬੋਲ– ਮੈਂ ਆਪਣੇ ਪਿਓ ਦੀਆਂ ਜੁੱਤੀਆਂ ਪਾ ਲਈਆਂ ਹਨ।”
ਨੇਤਰਾਮ ਚੁੱਪ ਰਿਹਾ।
ਪਹਿਲੀ ਵਾਰ, ਦੂਜੀ ਵਾਰ ਉਹ ਚੁੱਪ ਰਿਹਾ, ਪਰ ਤੀਜੀ ਵਾਰ ਉਹਨੂੰ ਬੋਲਣਾ ਹੀ ਪਿਆ, “ਮੈਂ ਆਪਣੇ ਪਿਓ ਦੀਆਂ ਜੁੱਤੀਆਂ ਪਾ ਲਈਆਂ ਹਨ।” ਤੇ ਉਹ ਇਕ ਵਾਰ ਫਿਰ ਰੋ ਪਿਆ।
ਹੁਣ ਕੱਲ੍ਹ ਤੋਂ ਉਸਨੂੰ ਪਿਤਾ ਦੀ ਥਾਂ ਪਟੇਲ ਦੀ ਉਦੋਂ ਤਕ ਮਜ਼ਦੂਰੀ ਕਰਨੀ ਪਵੇਗੀ, ਜਦੋਂ ਤਕ ਕਿ ਉਸਦੀ ਓਲਾਦ ਦੇ ਪੈਰ ਉਸਦੀਆਂ ਜੁੱਤੀਆਂ ਦੇ ਮੇਚ ਦੇ ਨਾ ਹੋ ਜਾਣ।
-0-
बेटी-पृथ्वीराज अरोड़ा
ਬੇਟੀ- ਪ੍ਰਿਥਵੀਰਾਜ ਅਰੋੜਾ
अनुवाद;ਸ਼ਿਆਮ ਸੁੰਦਰ ਅਗਰਵਾਲ

ਤੇਜ਼ ਧੁੱਪ ਵਿਚ ਪਸੀਨੇ ਦੀਆਂ ਬੂੰਦਾਂ ਉਹਦੇ ਚਿਹਰੇ ਉੱਪਰ ਚਮਕ ਆਉਂਦੀਆਂ ਸਨ, ਜਿਹਨਾਂ ਨੂੰ ਉਹ ਵਾਰ-ਵਾਰ ਪੂੰਝ ਰਿਹਾ ਸੀ। ਉਹਦੇ ਕਪੜੇ ਸ਼ਰੀਰ ਨਾਲ ਚਿਪਕ ਗਏ ਸਨ। ‘ਸਾਂਅ-ਸਾਂਅ’ ਕਰਦੀ ਸੜਕ ਉੱਤੇ ਦੂਰ-ਦੂਰ ਤੱਕ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਹਦੀ ਬੇਚੈਨੀ ਵਧਦੀ ਜਾ ਰਹੀ ਸੀ। ਅਚਾਨਕ ਉਸਨੂੰ ਇਕ ਜੀਪ ਆਉਂਦੀ ਦਿਖਾਈ ਦਿੱਤੀ। ਉਹ ਪਲਕ ਝਪਕਦੇ ਹੀ ਸੜਕ ਦੇ ਵਿਚਕਾਰ ਜਾ ਖੜਾ ਹੋਇਆ। ‘ਚੀਅ-ਚੀਂਅ’ ਕਰਦੀ ਹੋਈ ਜੀਪ ਰੁਕੀ। ਗੁੱਸੇ ਵਿਚ ਡਰਾਈਵਰ ਉਸ ਅਧੇੜ ਵਿਅਕਤੀ ਵੱਲ ਲਪਕਿਆ। ਡਰਾਈਵਰ ਦੇ ਧਮਕਾਉਣ ਜਾਂ ਥੱਪੜ ਮਾਰਨ ਤੋਂ ਪਹਿਲਾਂ ਹੀ ਜੀਪ ਵਿੱਚੋਂ ਉਤਰੇ ਪੁਲਿਸ ਅਫਸਰ ਨੇ ਉਸਨੂੰ ਰੋਕ ਦਿੱਤਾ।
ਪੁਲਿਸ ਅਫਸਰ ਉਸ ਵਿਅਕਤੀ ਕੋਲ ਗਿਆ ਤੇ ਹੱਥ ਜੋੜੇ। ਫਿਰ ਪੁੱਛਿਆ, “ਕੀ ਗੱਲ ਹੈ ਬਜ਼ੁਰਗੋ?”
ਬਹੁਤ ਹੀ ਦੁਖੀ ਜਿਹਾ ਉਹ ਤਰਲਾ ਲੈਂਦਾ ਬੋਲਿਆ, “ਮੇਰੀ ਬੇਟੀ…ਮੇਰੀ ਬੇਟੀ ਨੂੰ…”
“ਕੀ ਹੋਇਆ ਤੁਹਾਡੀ ਬੇਟੀ ਨੂੰ?” ਪੁਲਿਸ ਅਫਸਰ ਨੇ ਹੌਸਲਾ ਦਿੰਦੇ ਪੁੱਛਿਆ।
“ਦੋ ਗੁੰਡੇ ਉਸ ਨੂੰ ਉਧਾਲ ਕੇ ਇੱਧਰ ਲੈ ਗਏ ਹਨ।” ਉਸਨੇ ਉਂਗਲ ਨਾਲ ਇਕ ਸੜਕ ਵੱਲ ਇਸ਼ਾਰਾ ਕੀਤਾ।
ਅਫਸਰ ਮੁੜਿਆ ਤੇ ਹੁਕਮ ਦਿੱਤਾ, “ਇੰਸਪੈਕਟਰ, ਤੁਸੀਂ ਤੁਰੰਤ ਉਹਨਾਂ ਦਾ ਪਿੱਛਾ ਕਰੋ। ਇਹ ਬਜ਼ੁਰਗ ਬਹੁਤ ਘਬਰਾਏ ਹੋਏ ਹਨ, ਮੈਂ ਇਨ੍ਹਾਂ ਕੋਲ ਠਹਿਰਦਾ ਹਾਂ।”
ਅੱਧੇ ਘੰਟੇ ਬਾਅਦ ਜੀਪ ਵਾਪਸ ਆਈ। ਜੀਪ ਵਿਚ ਉਹ ਕੁੜੀ ਤੇ ਦੋ ਗੁੰਡੇ ਵੀ ਸਨ। ਕੁੜੀ ਨੂੰ ਦੇਖ ਕੇ ਪੁਲਿਸ ਅਫਸਰ ਅੰਦਰ ਤੱਕ ਕੰਬ ਗਿਆ। ਫਿਰ ਅਧੇੜ ਆਦਮੀ ਨੂੰ ਕਿਹਾ, “ਕੀ ਇਹੀ ਤੁਹਾਡੀ ਬੇਟੀ ਹੈ?”
ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ, ਕੁੜੀ ਵਿਲਕਦੀ ਹੋਈ ‘ਪਾਪਾ…ਪਾਪਾ…’ ਕਹਿੰਦੀ ਪੁਲਿਸ ਅਫਸਰ ਨਾਲ ਚਿੰਬੜ ਗਈ।
ਅਧੇੜ ਵਿਅਕਤੀ ਸਭ ਸਮਝ ਗਿਆ। ਉਹ ਭਾਵਰਹਿਤ ਕੁਝ ਦੇਰ ਪੁਲਿਸ ਅਫਸਰ ਨੂੰ ਦੇਖਦਾ ਰਿਹਾ ਤੇ ਫਿਰ ਜਾਣ ਲੱਗਾ। ਪੁਲਿਸ ਅਫਸਰ ਸਚੇਤ ਹੋਇਆ ਤੇ ਅੱਗੇ ਵਧ ਕੇ ਉਸਦੇ ਮੋਢੇ ਉੱਤੇ ਹੱਥ ਰੱਖਦਾ ਬੋਲਿਆ, “ਮੈਂ ਹੁਣੇ ਇੰਸਪੈਕਟਰ ਨੂੰ ਤੁਹਾਡੀ ਬੇਟੀ ਲੱਭਣ ਲਈ ਭੇਜਦਾ ਹਾਂ।”
ਅਧੇੜ ਵਿਅਕਤੀ ਨੇ ਪਲ ਭਰ ਲਈ ਪੁਲਿਸ ਅਫਸਰ ਦੀਆਂ ਅੱਖਾਂ ਵਿਚ ਦੇਖਿਆ। ਫਿਰ ਗਹਿਰੇ ਸੁੱਖ ਦੇ ਅਨੁਭਵ ਤਹਿਤ ਹੌਲੇ ਜਿਹੇ ਕਿਹਾ, “ਉਹ ਤਾਂ ਮਿਲ ਗਈ ਸਾਹਿਬ। ਬੇਟੀ ਤਾਂ ਬੇਟੀ ਹੁੰਦੀ ਹੈ, ਉਹ ਮੇਰੀ ਹੋਵੇ ਜਾਂ ਤੁਹਾਡੀ।”
ਉਸਨੇ ਕੁੜੀ ਦੇ ਸਿਰ ਉੱਤੇ ਹੱਥ ਫੇਰਿਆ ਤੇ ਆਪਣੇ ਪਿੰਡ ਨੂੰ ਜਾਂਦੀ ਪਗਡੰਡੀ ਤੇ ਪੈ ਗਿਆ।
-0-
ਕਥਾ ਨਹੀਂ- कथा नहीं-पृथ्वीराज अरोड़ा
ਕਥਾ ਨਹੀਂ- – ਪ੍ਰਿਥਵੀਰਾਜ ਅਰੋੜਾ
अनुवाद-ਸ਼ਿਆਮ ਸੁੰਦਰ ਅਗਰਵਾਲ

ਉਹ ਪਿਸ਼ਾਬ ਕਰਕੇ ਫਿਰ ਗੱਲਬਾਤ ਵਿਚ ਸ਼ਾਮਲ ਹੋ ਗਿਆ।
ਵੱਡੀ ਭੈਣ ਨੇ ਕਿਹਾ, “ਪਿਤਾ ਜੀ ਨੂੰ ਵਾਰ ਵਾਰ ਪਿਸ਼ਾਬ ਆਉਣ ਦੀ ਬੀਮਾਰੀ ਹੈ। ਇਨ੍ਹਾਂ ਦਾ ਇਲਾਜ ਕਿਉਂ ਨਹੀਂ ਕਰਵਾਇਆ?”
ਉਹਨੇ ਹਾਲਾਤ ਨੂੰ ਸਮਝਿਆ, ਫਿਰ ਸਹਿਜਤਾ ਨਾਲ ਬੋਲਿਆ, “ਮੈਂ ਵੱਖਰੇ ਮਕਾਨ ’ਚ ਰਹਿੰਦਾ ਹਾਂ, ਮੈਨੂੰ ਕੀ ਪਤਾ ਇਨ੍ਹਾਂ ਨੂੰ ਕੀ ਬੀਮਾਰੀ ਹੈ।”
ਮਾਂ ਵਿਚ ਹੀ ਬੋਲ ਪਈ, “ਹੋਰ ਕੀ ਅਸੀਂ ਢਿੰਡੋਰਾ ਪਿੱਟਦੇ।”
ਉਹਨੇ ਮਾਂ ਦੀ ਗੱਲ ਨੂੰ ਅਣਸੁਣਿਆ ਕਰਦੇ ਹੋਏ ਕਿਹਾ, “ਦੇਖ ਭੈਣ, ਜੇਕਰ ਇਹ ਦੱਸਣਾ ਨਹੀਂ ਚਾਹੁੰਦੇ ਸਨ ਤਾਂ ਖੁਦ ਹੀ ਇਲਾਜ ਕਰਵਾ ਲੈਂਦੇ।” ਥੋੜਾ ਰੁਕ ਕੇ ਉਹਨੇ ਅੱਗੇ ਕਿਹਾ, “ਇਨ੍ਹਾਂ ਨੇ ਵੱਡੀ ਰਕਮ ਵਿਆਜੂ ਦਿੱਤੀ ਹੋਈ ਐ, ਕੋਈ ਘਾਟਾ ਤਾਂ ਨਹੀਂ ਪੈਸਿਆਂ ਦਾ।”
ਪਿਤਾ ਚਿੜ ਕੇ ਬੋਲੇ, “ਜਵਾਨ ਮੁੰਡੇ ਦੇ ਹੁੰਦਿਆਂ, ਏਸ ਉਮਰ ’ਚ ਮੈਂ ਡਾਕਟਰਾਂ ਦੇ ਪਿੱਛੇ ਪਿੱਛੇ ਭੱਜਦਾ ਫਿਰਾਂ।”
ਆਪਣੇ ਉੱਤੇ ਹੋਏ ਹਮਲੇ ਨੂੰ ਤਲਖੀ ਵਿਚ ਨਾ ਲੈ ਕੇ ਉਹਨੇ ਤਿੱਖਾ ਵਿਅੰਗ ਕੀਤਾ, “ਤੁਸੀਂ ਸਵੇਰੇ-ਸ਼ਾਮ ਕਈ ਮੀਲ ਘੁੰਮਦੇ ਹੋ, ਮੇਰੇ ਨਾਲੋਂ ਜ਼ਿਆਦਾ ਸਿਹਤਮੰਦ ਹੋ, ਫੇਰ ਡਾਕਟਰ ਕੋਲ ਕਿਉਂ ਨਹੀਂ ਜਾ ਸਕਦੇ ਸੀ?”
ਭੈਣ ਨੇ ਚੌਂਕ ਕੇ ਦੇਖਿਆ। ਆਉਣ ਵਾਲੀ ਵਿਸਫੋਟਕ ਸਥਿਤੀ ਉੱਤੇ ਕਾਬੂ ਪਾਉਣ ਲਈ ਹੀ ਉਸਨੇ ਦਖਲ ਦਿੱਤਾ, “ਆਖਰ ਮਾਂ-ਪਿਓ ਵੀ ਆਪਣੀ ਔਲਾਦ ਤੋਂ ਕੁਝ ਆਸ ਰੱਖਦੇ ਨੇ।”
ਉਹ ਆਪਣੀ ਹਾਲਤ ਨੂੰ ਦੇਖ ਦੁਖੀ ਹੋ ਕੇ ਬੋਲਿਆ, “ਤੂੰ ਨਹੀਂ ਜਾਣਦੀ ਕਿ ਮੇਰਾ ਹੱਥ ਕਿੰਨਾ ਤੰਗ ਐ। ਚੱਜ ਨਾਲ ਖਾਣ-ਪਾਣ ਜੋਗਾ ਵੀ ਨਹੀਂ ਕਮਾ ਪਾ ਰਿਹਾ। ਤੇਰੇ ਵਿਆਹ ਤੋਂ ਬਾਅਦ ਤੈਨੂੰ ਇਕ ਵਾਰ ਵੀ ਨਹੀਂ ਸੱਦ ਸਕਿਆ।” ਅੱਖਾਂ ਵਿੱਚੋਂ ਰਿਸ ਆਏ ਪਾਣੀ ਨੂੰ ਛਿਪਾਉਣ ਲਈ ਉਹਨੇ ਖਿੜਕੀ ਤੋਂ ਬਾਹਰ ਦੇਖਦੇ ਹੋਏ ਗੰਭੀਰ ਆਵਾਜ਼ ਵਿਚ ਕਿਹਾ, “ਵਿਆਜ ਦਾ ਲਾਲਚ ਨਾ ਕਰਕੇ ਮੈਨੂੰ ਕਿਸੇ ਲਾਇਕ ਬਣਾ ਦਿੰਦੇ ਤਾਂ ਮੈਂ ਇਨ੍ਹਾਂ ਦੀ ਸੇਵਾ ਕਰਨ ਯੋਗ ਨਾ ਹੋ ਜਾਂਦਾ।”
ਮਾਂ ਰੋਣ ਲੱਗੀ, “ਰੱਬ ਅਜਿਹੀ ਔਲਾਦ ਕਿਸੇ ਨੂੰ ਨਾ ਦੇਵੇ। ਦੇਖ ਕਿਹੇ ਜਿਹੀ ਗੱਲ ਕਰਦਾ ਹੈ, ਜਿਵੇਂ ਕਿਸਮਤ ਅਸੀਂ ਘੜਦੇ ਆਂ।”
ਪਿਤਾ ਨੇ ਰੋਣਹੱਕੇ ਹੁੰਦਿਆਂ ਕਿਹਾ, “ਮੇਰੇ ਦੋ ਦੰਦ ਖਰਾਬ ਹੋ ਗਏ ਸਨ, ਉਹ ਕਢਾ ਕੇ ਨਵੇਂ ਲਵਾਏ ਨੇ, ਦੇਖ।” ਉਹਨਾਂ ਨੇ ਦੰਦ ਬਾਹਰ ਕੱਢ ਦਿਖਾ ਦਿੱਤੇ।
ਮਾਂ ਜਾਰ-ਜਾਰ ਰੋਣ ਲੱਗੀ, “ਕੀ ਕਰਦੇ ਓਂ! ਤੁਹਾਡਾ ਸਾਰਾ ਜਬਾੜਾ ਵੀ ਬਾਹਰ ਨਿਕਲ ਆਵੇ ਤਾਂ ਵੀ ਕਿਸੇ ਨੂੰ ਕੀ। ਦੰਦ ਨਾ ਰਹਿਣ ਤਾਂ ਆਦਮੀ ਠੀਕ ਤਰ੍ਹਾਂ ਨਾਲ ਖਾ ਵੀ ਨਹੀਂ ਸਕਦਾ।”
ਭੈਣ ਵੀ ਰੋਣ ਲੱਗੀ, “ਦੀਪਕ! ਤੈਨੂੰ ਮਾਂ-ਪਿਓ ’ਤੇ ਜਰਾ ਵੀ ਤਰਸ ਨਹੀਂ ਆਉਂਦਾ?”
ਦੀਪਕ ਦਾ ਚਿਹਰਾ ਜਗਦੇ-ਬੁਝਦੇ ਬੱਲਬ ਵਰਗਾ ਹੋਣ ਲੱਗਾ। ਦੁੱਖ ਅਤੇ ਗੁੱਸੇ ਵਿਚ ਉਹ ਕੰਬਣ ਲੱਗਾ। ਅਗਲੇ ਹੀ ਛਿਣ ਉਹਨੇ ਆਪਣੇ ਨਕਲੀ ਦੰਦਾਂ ਦਾ ਸੈੱਟ ਮੇਜ ਉੱਤੇ ਰੱਖ ਦਿੱਤਾ ਤੇ ਸਿਸਕਦਾ ਹੋਇਆ ਗੁਸਲਖਾਨੇ ਵੱਲ ਵਧ ਗਿਆ।
-0-

गतिविधियाँ

 • चर्चा में

  हरियाणा साहित्य-संगम में लघुकथा पर विचार -विमर्श( सुकेश साहनी और राम कुमार आत्रेय की भागीदारी ।)
  लघुकथा अनवरत-2017 का विश्व पुस्तक मेले में अयन प्रकाशन के स्टाल पर विमोचन।

 • सम्पर्क:-

  सुकेश साहनी

  185,उत्सव,महानगर पार्ट–2
  बरेली–243122 (उ.प्र.)


  sahnisukesh@gmail.com

  रामेश्वर काम्बोज ´हिमांशु´
  chandanman2011@gmail.com

  रचनाएँ भेजने के लिए पता-:-

  laghukatha89@gmail.com

  विशेष सूचना-:-

  पूर्व अनुमति के बिना लघुकथा डॉट कॉंम की सामग्री का उपयोग नहीं किया जा सकता ।

  -सम्पादक द्वय

Design by TemplateWorld and brought to you by SmashingMagazine