(हिन्दी से अनुवाद:श्यामसुन्दर अग्रवाल )
ਸਜ਼ਾ – ਅਰਚਨਾ ਤਿਵਾਰੀ
ਸਕੂਲ ਵਿਚ ਸਾਲਾਨਾ ਪ੍ਰੀਖਿਆ ਹੋ ਰਹੀ ਸੀ। ਮੈਂ ਸਟਾਫਰੂਮ ਵਿਚ ਬੈਠੀ ਪੇਪਰ ਚੈੱਕ ਕਰ ਰਹੀ ਸੀ। ਕੁਝ ਸਮੇਂ ਬਾਅਦ ਨਾਲ ਦੀ ਜਮਾਤ ਵਿੱਚੋਂ ਕੁਲੀਗ ਸੁਮਨ ਦੇ ਜ਼ੋਰ-ਜ਼ੋਰ ਨਾਲ ਬੋਲਣ ਦੀ ਆਵਾਜ਼ ਆਈ। ਮੈਂ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਕੁਝ ਸਾਫ ਸੁਣਾਈ ਨਹੀਂ ਦਿੱਤਾ। ਮੈਂ ਸਟਾਫਰੂਮ ਤੋਂ ਬਾਹਰ ਆ ਗਈ। ਮੈਂ ਦੇਖਿਆ ਕਿ ਸੁਮਨ ਇੱਕ ਬੱਚੇ ਦਾ ਹੱਥ ਫੜ ਉਸਨੂੰ ਖਿੱਚਦੀ ਹੋਈ ਪ੍ਰਿੰਸੀਪਲ ਦੇ ਦਫਤਰ ਵੱਲ ਜਾ ਰਹੀ ਸੀ। ਉਹ ਬੱਚਾ ਰੋਂਦਾ ਹੋਇਆ ਕੁਝ ਕਹਿ ਰਿਹਾ ਸੀ। ਪ੍ਰੀਖਿਆ ਹਾਲ ਵਿਚ ਡਿਊਟੀ ਦੇ ਰਹੀ ਇਕ ਹੋਰ ਅਧਿਆਪਕਾ ਨੂੰ ਪੁੱਛਿਆ, “ਕੀ ਹੋਇਆ ਸੀਮਾ?”
“ਨੀ ਉਹ ਬੱਚਾ ਨੋਟਬੁੱਕ ਲੈ ਕੇ ਨਕਲ ਕਰ ਰਿਹਾ ਸੀ।”
ਮੈਂ ਥੋੜਾ ਪਰੇਸ਼ਾਨ ਹੋ ਉੱਠੀ। ਅਚਾਣਕ ਮੇਰੇ ਕਦਮ ਪ੍ਰਿੰਸੀਪਲ ਦੇ ਦਫਤਰ ਵੱਲ ਵਧ ਤੁਰੇ। ਸਾਹਾਂ ਦੀ ਰਫਤਾਰ ਤੇਜ਼ ਹੋਣ ਲੱਗੀ ਸੀ। ਪੰਜਾਹ ਮੀਟਰ ਦਾ ਫਾਸਲਾ ਪੰਜਾਹ ਕਿਲੋਮੀਟਰ ਲੱਗ ਰਿਹਾ ਸੀ। ਛੇਵੀਂ ਜਮਾਤ ਦੀ ਇਕ ਘਟਨਾ ਅੱਖਾਂ ਅੱਗੇ ਫਿਲਮ ਦੀ ਰੀਲ ਵਾਂਗ ਚੱਲਣ ਲੱਗੀ—ਸਾਇੰਸ ਦਾ ਪੇਪਰ ਸੀ। ਮੈਨੂੰ ਇਕ ਚਿੱਤਰ ਦੇ ਭਾਗਾਂ ਦੇ ਨਾਂ ਯਾਦ ਨਹੀਂ ਆ ਰਹੇ ਸਨ। ਮੈਂ ਨਕਲ ਦੇ ਇਰਾਦੇ ਨਾਲ ਆਪਣੀ ਨੋਟਬੁੱਕ ਡੈਸਕ ਉੱਤੇ ਰੱਖ ਲਈ। ਪਰ ਉਸਨੂੰ ਦੇਖਣ ਦੀ ਹਿੰਮਤ ਨਹੀਂ ਹੋਈ। ਮੈਨੂੰ ਜੋ ਆਉਂਦਾ ਸੀ, ਉਸਦੇ ਆਧਾਰ ਤੇ ਹੀ ਪੇਪਰ ਹੱਲ ਕਰਦੀ ਰਹੀ। ਪਰ ਕਿਸੇ ਕੁੜੀ ਨੇ ਮੈਨੂੰ ਨੋਟਬੁੱਕ ਰੱਖਦੇ ਹੋਏ ਦੇਖ ਲਿਆ ਸੀ। ਉਸਨੇ ਅਧਿਆਪਕਾ ਕੋਲ ਸ਼ਿਕਾਇਤ ਕਰ ਦਿੱਤੀ। ਅਧਿਆਪਕਾ ਨੇ ਮੇਰਾ ਪੇਪਰ ਖੋਹ ਲਿਆ। ਸਭ ਦੇ ਸਾਹਮਣੇ ਮੇਰੀ ਬਹੁਤ ਬੇਇੱਜ਼ਤੀ ਕੀਤੀ। ਮੈਂ ਚੁੱਪ ਸੀ। ਕਿਉਂਕਿ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਲਈ ਮੇਰੇ ਕੋਲ ਕੋਈ ਸਬੂਤ ਨਹੀਂ ਸੀ। ਉਸ ਅਪਮਾਨ ਨੇ ਮੈਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ। ਉਸ ਤੋਂ ਮੁਕਤ ਹੋਣ ਵਿਚ ਮੈਨੂੰ ਬਹੁਤ ਸਮਾਂ ਲੱਗਾ ਸੀ।
“ਕੀ ਇਕ ਛੋਟੀ ਜਿਹੀ ਗਲਤੀ ਦੀ ਸਜ਼ਾ ਅਜਿਹੀ ਹੋਣੀ ਚਾਹੀਦੀ ਹੈ ਕਿ ਜਿਸ ਨਾਲ ਕਿਸੇ ਦਾ ਆਤਮਵਿਸ਼ਵਾਸ ਹੀ ਡੋਲ ਜਾਵੇ! ਨਹੀਂ, ਹੁਣ ਮੈਂ ਅਜਿਹਾ ਨਹੀਂ ਹੋਣ ਦਿਆਂਗੀ।” ਮੈਂ ਲਗਭਗ ਚੀਕ ਹੀ ਪਈ।
ਮੈਂ ਬਿਨਾ ਇਜ਼ਾਜਤ ਲਏ ਪ੍ਰਿੰਸੀਪਲ ਦੇ ਦਫਤਰ ਅੰਦਰ ਚਲੀ ਗਈ। ਮੈਂ ਦੇਖਿਆ ਪ੍ਰਿੰਸੀਪਲ ਉਸ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਬੜੇ ਪਿਆਰ ਨਾਲ ਸਮਝਾ ਰਹੇ ਸਨ, “ਬੇਟੇ, ਤੁਹਾਨੂੰ ਜੋ ਵੀ, ਜਿਹਾ ਵੀ ਯਾਦ ਆਵੇ, ਆਪਣੇ ਪੇਪਰ ਵਿਚ ਉਹੀ ਲਿਖ ਦਿਓ। ਸਾਨੂੰ ਉਹੀ ਉੱਤਰ ਚਾਹੀਦਾ ਹੈ, ਜੋ ਤੁਹਾਨੂੰ ਆਉਂਦਾ ਹੈ।”
ਬੱਚੇ ਨੇ ‘ਹਾਂ’ ਵਿਚ ਸਿਰ ਹਿਲਾ ਦਿੱਤਾ।
ਉਹਦੀਆਂ ਹੀ ਨਹੀਂ ਮੇਰੀਆਂ ਵੀ ਪਲਕਾਂ ਭਿੱਜੀਆਂ ਹੋਈਆਂ ਸਨ। ਪਰ ਸਾਡੇ ਦੋਨਾਂ ਦੇ ਬੁੱਲ੍ਹਾਂ ਤੇ ਮੁਸਕਾਨ ਖਿੜ ਗਈ ਸੀ।
-0-